HARCHANDSBOOKS.COM
HomeHis StoryHis BookseShopHis ResumeQuotesPoemsVideo Clips
Reviews
Contact
Reviews

A review of Harchand Singh Bagri's most recent work "Kis Bidh Lai Azaadi" ( ਕਿਸ ਬਿਧ ਲਈ ਆਜ਼ਾਦੀ) by Dr. Gurdarpaul Singh. 



ਕਵੀ: ਹਰਚੰਦ ਸਿੰਘ ਬਾਗੜੀ ਪੰਨੇ: 448, ਮੁੱਲ: 670 ਰੁਪਏ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।

ਹਰਚੰਦ ਸਿੰਘ ਬਾਗੜੀ ਪੰਜਾਬੀ ਦਾ ਚਰਚਿਤ ਤੇ ਸੰਵੇਦਨਸ਼ੀਲ ਸ਼ਾਇਰ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਦੋ ਕਹਾਣੀ ਸੰਗ੍ਰਹਿ ਅਤੇ ਨੌਂ ਕਾਵਿ-ਸੰਗ੍ਰਹਿ ਪਾ ਚੁੱਕਾ ਹੈ। ‘ਕਿਸ ਬਿਧ ਲਈ ਆਜ਼ਾਦੀ’ ਉਸ ਦੀ ਨਵੀਂ ਮਹਾਂਕਾਵਿ ਪੁਸਤਕ ਹੈ, ਜਿਸ ਵਿੱਚ ਉਸ ਨੇ ਸਿੱਖਾਂ ਦੇ 164 ਸਾਲਾਂ ਦੇ 1675 ਈ. ਤੋਂ ਲੈ ਕੇ 1839 ਈ. ਤੱਕ ਦੇ ਸੂਰਬੀਰਤਾ ਭਰਪੂਰ ਲਾਸਾਨੀ ਕੁਰਬਾਨੀਆਂ ਦੇ ਇਤਿਹਾਸ ਨੂੰ ਬਾਖੂਬੀ ਪੇਸ਼ ਕੀਤਾ ਹੈ। ਪੰਜਾਬ ਦੇ ਇਸ ਇਤਿਹਾਸ ਨਾਲ ਸਬੰਧਤ ਉਸ ਨੇ ਬਹੁਤ ਸਾਰੀਆਂ ਪੁਸਤਕਾਂ ਪੜ੍ਹ ਕੇ ਪੰਜ ਸੱਤ ਸਾਲਾਂ ਵਿੱਚ ਸਖ਼ਤ ਮਿਹਨਤ ਕਰ ਕੇ ਪੰਜਾਬ ਦੇ ਸ਼ਾਨਾਮੱਤੀ ਤੇ ਗੌਰਵਸ਼ਾਲੀ ਵਿਰਸੇ ਦਾ ਸੱਚ ਬਿਆਨ ਕੀਤਾ ਹੈ। ਕਿਸੇ ਵੀ ਰਚਨਾ ਨੂੰ ਲੈਅਬੱਧ ਕਰ ਕੇ ਬੈਂਤ ਛੰਦ ਰਾਹੀਂ ਉਸ ਦੀ ਪੇਸ਼ਕਾਰੀ ਕਰਨਾ ਬਹੁਤ ਹੀ ਔਖਾ ਤੇ ਅਹਿਮ ਕਾਰਜ ਹੈ। ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਤੇ ਸਿਰੜ ਨੂੰ ਸ਼ਾਇਰ ਨੇ ਹੇਠ ਲਿਖੀਆਂ ਸਤਰਾਂ ਰਾਹੀਂ ਇਉਂ ਬਿਆਨਿਆ ਹੈ:- ਆਏ ਆਂਚ ਨਾ ਧਰਮ ਤੇ ਦੇਸ ਤਾਈਂ, ਸੀਸ ਗੁਰੂ ਜੀ ਆਪਣਾ ਲਾ ਦਿੱਤਾ। ਪੰਨਾ-15 ਹਰਚੰਦ ਸਿੰਘਾ ਆਜ਼ਾਦੀ ਦੀ ਲਾਟ ਬਾਲੀ, ਖ਼ੂਨ ਆਪਦਾ ਉਸ ਵਿੱਚ ਪਾ ਦਿੱਤਾ।। ਕਵੀ ਨੇ ਇਸ ਪੁਸਤਕ ਨੂੰ ਈਮਾਨ ਤੇ ਇਖ਼ਲਾਕ ਨਾਲ ਸੰਪੂਰਨ ਕਰਦਿਆਂ ਸਿੱਖ ਇਤਿਹਾਸ ਸਬੰਧੀ ਵੇਰਵਿਆਂ ਤੇ ਘਟਨਾਵਾਂ ਨੂੰ ਪੂਰੀ ਜ਼ਿੰਮੇਵਾਰੀ ਤੇ ਭਰੋਸੇਯੋਗਤਾ ਨਾਲ ਬਿਆਨ ਕੀਤਾ ਹੈ। ਕਿਸੇ ਵੀ ਘਟਨਾ ਨਾਲ ਸਬੰਧਤ ਕਈ ਪੁਸਤਕਾਂ ਦੇ ਆਪਸੀ ਮਿਲਦੇ ਵੇਰਵਿਆਂ ਜਾਂ ਤੱਥਾਂ ਨੂੰ ਹੀ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਕਾਰਨ ਕਿਸੇ ਤਰ੍ਹਾਂ ਦੀ ਅਣਗਹਿਲੀ ਜਾਂ ਭੁੱਲ-ਚੁੱਕ ਦੀ ਸੰਭਾਵਨਾ ਘੱਟ ਹੀ ਨਜ਼ਰੀਂ ਪੈਂਦੀ ਹੈ। ਇਸ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ। 1. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬੰਦਾ ਬਹਾਦਰ ਨੂੰ ਪੰਜਾਬ ਭੇਜਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਦਾ ਸਮਾਂ 2. ਬੰਦਾ ਬਹਾਦਰ ਦਾ ਪੰਜਾਬ ਆਉਣਾ ਤੇ ਦਿੱਲੀ ਸ਼ਹੀਦੀ ਪਾਉਣ ਤੱਕ ਦਾ ਸਮਾਂ 3. ਖਾਲਸੇ ਦਾ ਸੰਘਰਸ਼, ਸਿੱਖ ਮਿਸਲਾਂ ਦੀ ਸਥਾਪਨਾ ਤੇ ਤੈਮੂਰ ਅਤੇ ਜਮਾਨ ਖਾਂ ਦੇ ਹਮਲੇ ਤੱਕ ਦਾ ਸਮਾਂ 4 ਮਹਾਰਾਜਾ ਰਣਜੀਤ ਸਿੰਘ ਦੀ ਸਮੁੱਚੀ ਜੀਵਨ ਗਾਥਾ ਦਾ ਸੱਚੋ ਸੱਚ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਵੈਨਕੂਵਰ (ਕੈਨੇਡਾ) ਦਾ 40 ਸਾਲ ਪਰਵਾਸ ਹੰਢਾਉਂਦਿਆਂ ਸਿੱਖ ਧਰਮ ਦੇ ਬਹਾਦਰੀ ਭਰੇ ਪਲਾਂ ਤੇ ਵਿਸ਼ੇਸ਼ਤਾ ਦਾ ਬਿਰਤਾਂਤ ਪੇਸ਼ ਕਰ ਕੇ ਇਕ ਯਾਦਗਾਰੀ ਤੇ ਮਾਅਰਕੇ ਦਾ ਕਾਰਜ ਕੀਤਾ ਹੈ। ਕਿਉਂਕਿ ਕੋਈ ਵੀ ਉੱਚੇ-ਸੁੱਚੇ ਸਿਰੜ, ਸਿਦਕ ਵਾਲਾ ਤੇ ਸਿੱਖ ਇਤਿਹਾਸ ਦੀ ਘੋਖਵੀਂ ਤੇ ਡੰੂਘਾਈ ਨਾਲ ਪੁਣਛਾਣ ਕਰਨ ਵਾਲਾ ਲੇਖਕ ਹੀ ਇਸ ਤਰ੍ਹਾਂ ਦਾ ਗਿਆਨਮੂਲਕ ਕਾਰਨਾਮਾ ਕਰ ਸਕਦਾ ਹੈ। ਪੁਸਤਕ ਵਿੱਚ ਗੁਰੂਆਂ, ਗੁਰੂਆਂ ਦੇ ਪਰਿਵਾਰ ਜਾਂ ਸਿੱਖ ਧਰਮ ਨਾਲ ਸਬੰਧਤ ਸੂਰਮਿਆਂ ਦੀ ਕੁਰਬਾਨੀ ਦੀ ਜ਼ਿਕਰਯੋਗ ਗਾਥਾ ਪੇਸ਼ ਹੋਈ ਮਿਲਦੀ ਹੈ। ਸਿੱਖ ਇਤਿਹਾਸ ਵਿਚਲੇ ਇਹ ਯੋਧੇ ਸਮਾਜ ਵਿਚਲੀ ਲਤਾੜੀ, ਵਿਸਾਰੀ ਹੋਈ ਅਵਾਮ ਦੇ ਹੱਕ-ਸੱਚ ਲਈ ਹੀ ਸੰਘਰਸ਼ਸ਼ੀਲ ਤੇ ਕੁਰਬਾਨ ਹੋਏ ਹਨ। ਲੇਖਕ ਨੇ ਪੁਸਤਕ ਦੇ ਅੰਤ ਵਿੱਚ ਸਹਾਇਕ ਪੁਸਤਕਾਂ ਦੀ ਸੂਚੀ ਦੇ ਕੇ ਇਕ ਜ਼ਿੰਮੇਵਾਰ ਤੇ ਕਾਬਲ ਲੇਖਕ ਹੋਣ ਦਾ ਸਬੂਤ ਦਿੱਤਾ ਹੈ। ਇਹ ਪੁਸਤਕ ਨਿੱਠ ਕੇ ਪੜ੍ਹਨ, ਮਾਨਣ ਤੇ ਸਾਂਭਣ ਵਾਲੀ ਹੈ। ਇਸ ਪੁਸਤਕ ਨੂੰ ਪੜ੍ਹ ਕੇ ਜਿੱਥੇ ਵਿਸ਼ਵ ਦਾ ਹਰ ਪਾਠਕ ਸਿੱਖ ਧਰਮ ਦੀ ਵਿਸ਼ੇਸ਼ਤਾ, ਸਿਫ਼ਤ ਤੇ ਬਹਾਦਰੀ ਤੋਂ ਜਾਣੂ ਹੋ ਸਕਦਾ ਹੈ, ਉੱਥੇ ਹੀ ਆਪਣੇ ਜੀਵਨ ਵਿੱਚ ਅਧਿਆਤਮਕ ਰੌਸ਼ਨੀ ਦਾ ਜਜ਼ਬਾ ਤੇ ਖੁਸ਼ਹਾਲੀ ਦਾ ਪੈਗਾਮ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰ ਸਕਦਾ ਹੈ। ਸੋ ਹਰਚੰਦ ਸਿੰਘ ਬਾਗੜੀ ਇਸ ਪੁਸਤਕ ਦੀ ਸਿਰਜਣਾ ਕਰ ਕੇ ਇਕ ਨਿਵੇਕਲੇ, ਅਰਥਭਰਪੂਰ ਤੇ ਖੋਜ ਭਰਪੂਰ ਕਾਰਜ ਕਰਨ ਲਈ ਅਸਲੋਂ ਹੀ ਵਧਾਈ ਦਾ ਹੱਕਦਾਰ ਹੈ।

-ਡਾ.ਗੁਰਦਰਪਾਲ ਸਿੰਘ

Other reviews to be posted....


HomeHis StoryHis BookseShopHis ResumeQuotesPoemsVideo ClipsReviewsContact